ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿਲਜੀਤ ਦੋਸਾਂਝ ਨੇ ਧਾਰਮਿਕ ਗੀਤ ‘ਨਾਨਕ ਜੀ’ ਦਾ ਟੀਜ਼ਰ ਕੀਤਾ ਰਿਲੀਜ਼
ਜਲੰਧਰ : ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 8 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਉਥੇ ਹੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਹਰ ਵਾਰ ਦੀ ਤਰ੍ਹਾਂ ਆਪਣੀ ਟੀਮ ਨਾਲ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਆਪਣਾ ਧਾਰਮਿਕ ਗੀਤ ਲੈ ਕੇ ਆ ਰਹੇ ਹਨ। ਪਿਛਲੇ ਸਾਲ ਉਹ ਧਾਰਮਿਕ ਗੀਤ ‘ਧਿਆਨ ਧਰ ਮਹਿਸੂਸ ਕਰ’ ਲੈ ਕੇ ਆਏ ਸਨ, ਉਸ ਤੋਂ ਪਹਿਲਾਂ ਵੀ ਉਹ ‘ਪੈਗੰਬਰ’, ‘ਆਰ ਨਾਨਕ ਪਾਰ ਨਾਨਕ’ ਤੇ ‘ਨਾਨਕ ਆਦਿ ਜੁਗਾਦਿ ਜੀਓ’ ਵਰਗੇ ਧਾਰਮਿਕ ਗੀਤਾਂ ਨਾਲ ਦਰਸ਼ਕਾਂ ਨੂੰ ਰੂਹਾਨੀ ਸਕੂਨ ਦੇ ਚੁੱਕੇ ਹਨ। ਇਸ ਵਾਰ ਉਹ ਧਾਰਮਿਕ ਗੀਤ ‘ਨਾਨਕ ਜੀ’ ਲੈ ਕੇ ਆ ਰਹੇ ਹਨ।
ਦੱਸ ਦਈਏ ਕਿ ਹਾਲ ਹੀ ‘ਚ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਧਾਰਮਿਕ ਗੀਤ ਦੇ ਪੋਸਟਰ ਤੋਂ ਬਾਅਦ ਟੀਜ਼ਰ ਨੂੰ ਸਾਂਝਾ ਕੀਤਾ ਹੈ। ਧਾਰਮਿਕ ਗੀਤ ਦੇ ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਧੰਨ ਧੰਨ ਗੁਰੂ ਨਾਨਕ ਜੀ 🙏🏽 ਸ਼ੁਕਰ ਸ਼ੁਕਰ 🙏🏽’ ਅਤੇ ਨਾਲ ਹੀ ਉਨ੍ਹਾਂ ਨੇ ਆਪਣੀ ਟੀਮ ਨੂੰ ਟੈਗ ਕੀਤਾ ਹੈ। ਇਸ ਪੋਸਟ ‘ਤੇ ਪ੍ਰਸ਼ੰਸਕ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਦੱਸਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ 8 ਨਵੰਬਰ ਨੂੰ ਸਮੂਹ ਸੰਗਤਾਂ ਵੱਲੋਂ ਵਿਸ਼ਵ ਭਰ ‘ਚ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਜਾਵੇਗਾ। ਇਸ ਖ਼ਾਸ ਮੌਕੇ ‘ਤੇ ਕਈ ਸ਼ਹਿਰਾਂ ‘ਚ ਨਗਰ ਕੀਰਤਨ ਵੀ ਸਜਾਏ ਜਾ ਰਹੇ ਹਨ।

