ਖੜਗੇ ਨੇ ਬੇਰੁਜ਼ਗਾਰੀ ’ਤੇ ਮੋਦੀ ਸਰਕਾਰ ਨੂੰ ਘੇਰਿਆ
ਨਵੀਂ ਦਿੱਲੀ, 5 ਨਵੰਬਰ-: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਤਿੱਖਾ ਨਿਸ਼ਾਨਾ ਸੇਧਦਿਆਂ ਕਿਹਾ ਕਿ ਅੱਜ ‘ਲੱਖਾਂ ਨੌਜਵਾਨ ਨੌਕਰੀ ਤਲਾਸ਼ ਰਹੇ ਹਨ’, ਤੇ ਪ੍ਰਧਾਨ ਮੰਤਰੀ ਕੁਝ ਹਜ਼ਾਰ ਨਿਯੁਕਤੀ ਪੱਤਰ ਹੀ ਸੌਂਪ ਰਹੇ ਹਨ। ਖੜਗੇ ਨੇ ਕਿਹਾ ਕਿ ਮੋਦੀ ਹਰ ਸਾਲ ਦੋ ਕਰੋੜ ਨਵੀਆਂ ਨੌਕਰੀਆਂ ਦੇਣ ਦਾ ਵਾਅਦਾ ਕਰ ਕੇ ਸੱਤਾ ਵਿਚ ਆਏ ਸਨ, ਪਰ ਨਵੀਆਂ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਪੈਦਾ ਕਰਨੀਆਂ ਹੀ ਭੁੱਲ ਗਏ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਮੌਜੂਦਾ ਦਸ ਲੱਖ ਖਾਲੀ ਅਸਾਮੀਆਂ ਭਰਨ ਬਾਰੇ ਸੋਚਣ ’ਚ ਹੀ ਅੱਠ ਸਾਲ ਲੱਗ ਗਏ। ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ‘ਰੁਜ਼ਗਾਰ ਮੇਲੇ’ ਲਾ ਰਹੇ ਹਨ, ਨਿਯੁਕਤੀ ਪੱਤਰ ਦੇ ਰਹੇ ਹਨ। ਉਨ੍ਹਾਂ ਦਿੱਲੀ ਵਿਚ 75 ਹਜ਼ਾਰ, ਗੁਜਰਾਤ ਵਿਚ 13 ਹਜ਼ਾਰ ਤੇ ਜੰਮੂ ਕਸ਼ਮੀਰ ਵਿਚ 3 ਹਜ਼ਾਰ ਨਿਯੁਕਤੀ ਪੱਤਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅੱਜ ਜਿੱਥੇ ‘ਲੱਖਾਂ ਨੌਜਵਾਨ ਨੌਕਰੀ ਲੱਭ ਰਹੇ ਹਨ’, ਉੱਥੇ ਪ੍ਰਧਾਨ ਮੰਤਰੀ ਮੋਦੀ ਕੁਝ ਹਜ਼ਾਰ ਨਿਯੁਕਤੀ ਪੱਤਰ ਸੌਂਪ ਕੇ ਕੰਮ ਸਾਰ ਰਹੇ ਹਨ। ਖੜਗੇ ਨੇ ਟਵੀਟ ਕੀਤਾ ਕਿ ਦਿਹਾਤੀ ਭਾਰਤ ਬੇਰੁਜ਼ਗਾਰੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ। ਸੀਐਮਆਈਈ ਮੁਤਾਬਕ ਦਿਹਾਤ ਵਿਚ ਔਸਤਨ ਬੇਰੁਜ਼ਗਾਰੀ ਪਿਛਲੇ ਛੇ ਸਾਲਾਂ ਵਿਚ 7.02 ਪ੍ਰਤੀਸ਼ਤ ਰਹੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਲਈ ਕਈ ਸਾਲਾਂ ਤੱਕ ਉਡੀਕ ਕਰਨੀ ਪੈ ਰਹੀ ਹੈ। ਇਹ ਸਭ ਭਾਜਪਾ ਸਰਕਾਰ ਵਿਚ ਇੱਛਾ ਸ਼ਕਤੀ ਦੀ ਘਾਟ ਅਤੇ ਝੂਠੇ ਵਾਅਦਿਆਂ ਕਰ ਕੇ ਹੋ ਰਿਹਾ ਹੈ।