ਪਾਕਿ ‘ਚ ਸਿੱਖ ਸ਼ਰਧਾਲੂਆਂ ਨੂੰ ਲੈ ਕੇ ਨਨਕਾਣਾ ਸਾਹਿਬ ਜਾ ਰਹੀ ਵਿਸ਼ੇਸ਼ ਰੇਲਗੱਡੀ ਦੇ 9 ਡੱਬੇ ਪਟੜੀ ਤੋਂ ਉਤਰੇ

ਲਾਹੌਰ – ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਸਿੱਖ ਸ਼ਰਧਾਲੂਆਂ ਨੂੰ ਲੈ ਕੇ ਨਨਕਾਣਾ ਸਾਹਿਬ ਜਾ ਰਹੀ ਵਿਸ਼ੇਸ਼ ਰੇਲਗੱਡੀ ਦੇ 9 ਡੱਬੇ ਸ਼ਨੀਵਾਰ ਨੂੰ ਪਟੜੀ ਤੋਂ ਉਤਰ ਗਏ। ਹਾਦਸੇ ‘ਚ ਕੋਈ ਜ਼ਖਮੀ ਨਹੀਂ ਹੋਇਆ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 8 ਨਵੰਬਰ ਨੂੰ ਮਨਾਇਆ ਜਾਵੇਗਾ।

ਪਾਕਿਸਤਾਨ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਸਿੱਖ ਸ਼ਰਧਾਲੂਆਂ ਨੂੰ ਲੈ ਕੇ ਵਿਸ਼ੇਸ਼ ਰੇਲਗੱਡੀ ਕਰਾਚੀ ਤੋਂ ਨਨਕਾਣਾ ਸਾਹਿਬ ਜਾ ਰਹੀ ਸੀ ਕਿ ਸੂਬੇ ਦੇ ਸ਼ੌਰਕੋਟ ਅਤੇ ਪੀਰ ਮਹਿਲ ਰੇਲਵੇ ਸਟੇਸ਼ਨਾਂ ਵਿਚਕਾਰ ਇਸ ਦੀਆਂ ਨੌਂ ਬੋਗੀਆਂ ਪਟੜੀ ਤੋਂ ਉਤਰ ਗਈਆਂ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਬਚਾਅ ਟੀਮਾਂ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਪਾਕਿਸਤਾਨ ਰੇਲਵੇ ਨੇ ਟਵੀਟ ਕੀਤਾ,”ਜ਼ਿਆਦਾਤਰ ਯਾਤਰੀਆਂ ਨੂੰ ਰੇਲਗੱਡੀ ਦੇ ਪਹਿਲੇ ਹਿੱਸੇ (ਜੋ ਕਿ ਟ੍ਰੈਕ ‘ਤੇ ਸਨ) ਵਿੱਚ ਬਿਠਾਇਆ ਗਿਆ ਸੀ ਅਤੇ 9:55 ‘ਤੇ ਨਨਕਾਣਾ ਲਈ ਰਵਾਨਾ ਹੋਏ ਸਨ। ਬਾਕੀ ਯਾਤਰੀਆਂ ਦੇ ਜਾਣ ਲਈ ਵੀ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧ ਵਿਚ ਅਜੇ ਤੱਕ ਕਿਸੇ ਦੇ ਜ਼ਖ਼ਮੀ ਜਾਂ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਡੀਐਸ ਲਾਹੌਰ ਟੀਮ ਦੇ ਨਾਲ ਮੌਕੇ ‘ਤੇ ਪਹੁੰਚ ਰਹੇ ਹਨ।”

ਜ਼ਿਆਦਾਤਰ ਯਾਤਰੀਆਂ ਨੂੰ ਇਕ ਹੋਰ ਰੇਲਗੱਡੀ ਵਿਚ ਐਡਜਸਟ ਕੀਤਾ ਗਿਆ ਸੀ ਅਤੇ ਉਹ ਪਹਿਲਾਂ ਹੀ ਨਨਕਾਣਾ ਲਈ ਰਵਾਨਾ ਹੋ ਗਏ ਸਨ, ਜਦਕਿ ਬਾਕੀ ਸਿੱਖ ਸ਼ਰਧਾਲੂਆਂ ਨੂੰ ਵੀ ਭੇਜਣ ਲਈ ਪ੍ਰਬੰਧ ਕੀਤੇ ਜਾ ਰਹੇ ਸਨ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਰੇਲਗੱਡੀ ਭਾਰਤ ਤੋਂ ਸਿੱਖ ਸ਼ਰਧਾਲੂਆਂ ਨੂੰ ਵੀ ਲੈ ਕੇ ਜਾ ਰਹੀ ਸੀ ਜਾਂ ਨਹੀਂ। ਇਸ ਦੌਰਾਨ ਫੈਡਰਲ ਮੰਤਰੀ ਖਵਾਜਾ ਸਾਦ ਰਫੀਕ ਨੇ ਘਟਨਾ ਦੀ ਜਾਂਚ ਲਈ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਸੀਓਪੀਐਸ ਸੇਫਟੀ, ਸੀਈਐਨ ਓਪਨ ਲਾਈਨਜ਼ ਅਤੇ ਸੀਐਮਈ ਕੈਰੇਜ਼ ਦੀ ਕਮੇਟੀ ਪਟੜੀ ਤੋਂ ਉਤਰਨ ਬਾਰੇ ਤੱਥਾਂ ਦੀ ਖੋਜ ਕਰੇਗੀ ਅਤੇ ਤਿੰਨ ਦਿਨਾਂ ਵਿੱਚ ਆਪਣੀ ਰਿਪੋਰਟ ਸੌਂਪੇਗੀ।

Add a Comment

Your email address will not be published. Required fields are marked *