ਜ਼ੇਲੈਂਸਕੀ ਨੇ ਰੂਸ ’ਤੇ ਲਾਇਆ ‘ਊਰਜਾ ਅਤਿਵਾਦ’ ਦਾ ਦੋਸ਼

ਯੂਕਰੇਨ ਦੇ ਊਰਜਾ ਨੈੱਟਵਰਕ ’ਤੇ ਰੂਸੀ ਹਮਲੇ ਮਗਰੋਂ ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਰੂਸ ਉੱਤੇ ‘ਊਰਜਾ ਅਤਿਵਾਦ’ ਦਾ ਦੋਸ਼ ਲਾਇਆ। ਰੂਸ ਦੇ ਇਸ ਹਮਲੇ ਕਾਰਨ ਯੂਕਰੇਨ ਵਿੱਚ ਲੱਖਾਂ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ। ਵੀਰਵਾਰ ਰਾਤ ਨੂੰ ਆਪਣੇ ਸੰਬੋਧਨ ਵਿੱਚ ਜ਼ੇਲੈਂਸਕੀ ਨੇ ਕਿਹਾ ਕਿ ਦੇਸ਼ ਵਿੱਚ ਲਗਪਗ 45 ਲੱਖ ਲੋਕ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਹਨ। ਕੀਵ ਦੇ ਮੇਅਰ ਵਿਤਾਲੀ ਕਲਿਸ਼ਕੋ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਰਾਜਧਾਨੀ ਕੀਵ ਵਿੱਚ 4,50,000 ਅਪਾਰਟਮੈਂਟਾਂ ਵਿੱਚ ਬਿਜਲੀ ਸਪਲਾਈ ਨਹੀਂ ਹੋ ਰਹੀ ਸੀ। ਮੇਅਰ ਨੇ ਟੈਲੀਗ੍ਰਾਮ ’ਤੇ ਲਿਖਿਆ, ‘‘ਮੈਂ ਰਾਜਧਾਨੀ ਦੇ ਸਾਰੇ ਨਿਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਜਿੰਨਾ ਸੰਭਵ ਹੋਵੇ ਬਿਜਲੀ ਦੀ ਬੱਚਤ ਕਰੋ ਕਿਉਂਕਿ ਹਾਲਾਤ ਗੰਭੀਰ ਬਣੇ ਹੋਏ ਹਨ।’’ ਸਰਕਾਰੀ ਬਿਜਲੀ ਕੰਪਨੀ ‘ਯੂਕਰੇਨੇਰਗੋ’ ਨੇ ਅੱਜ ਦੱਸਿਆ ਕਿ ਪੂਰੇ ਕੀਵ ਵਿੱਚ ਐਮਰਜੈਂਸੀ ਬਿਜਲੀ ਕਟੌਤੀ ਕੀਤੀ ਜਾਵੇਗੀ। ਰੂਸ ਨੇ ਹਾਲ ਦੇ ਹਫ਼ਤਿਆਂ ਦੌਰਾਨ ਯੂਕਰੇਨ ਦੇ ਊਰਜਾ ਪਲਾਂਟਾਂ ’ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਹਨ। ਜ਼ੇਲੈਂਸਕੀ ਨੇ ਆਪਣੇ ਭਾਸ਼ਨ ਵਿੱਚ ਊਰਜਾ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀ ਰਣਨੀਤੀ ਨੂੰ ਕਮਜ਼ੋਰੀ ਦਾ ਸੰਕੇਤ ਕਰਾਰ ਦਿੱਤਾ। ਉਨ੍ਹਾਂ ਕਿਹਾ, ‘‘ਇਹ ਤੱਥ ਹੈ ਕਿ ਰੂਸ ਦਾ ਊਰਜਾ ਅਤਿਵਾਦ ਦਾ ਰਾਹ ਅਪਣਾਉਣਾ, ਸਾਡੇ ਦੁਸ਼ਮਣ ਦੀ ਕਮਜ਼ੋਰੀ ਦਿਖਾਉਂਦਾ ਹੈ।’’ ਰਾਸ਼ਟਰਪਤੀ ਨੇ ਕਿਹਾ, ‘‘ਉਹ ਜੰਗ ਦੇ ਮੈਦਾਨ ਵਿੱਚ ਯੂਕਰੇਨ ਨੂੰ ਨਹੀਂ ਹਰਾ ਸਕਦੇ। ਇਸ ਲਈ ਸਾਡੇ ਲੋਕਾਂ ਦੀ ਹਿੰਮਤ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ।’’

Add a Comment

Your email address will not be published. Required fields are marked *