ਝੜਪ ਕਾਰਨ ਕਾਂਗਰਸੀ ਕੌਂਸਲਰ ਦੇ ਦਿਉਰ ਦੀ ਮੌਤ
ਰੂਪਨਗਰ, 2 ਨਵੰਬਰ-: ਇੱਥੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਦਰਮਿਆਨ ਅੱਜ ਹੋਈ ਝੜਪ ਕਾਰਨ ਕਾਂਗਰਸੀ ਨਗਰ ਕੌਂਸਲਰ ਦੇ ਦਿਉਰ ਦੀ ਮੌਤ ਹੋ ਗਈ ਜਦੋਂ ਕਿ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਪੁਨੀਤ ਕੁਮਾਰ ਵੱਜੋਂ ਹੋਈ ਹੈ, ਜੋ ਕਿ ਵਾਰਡ ਨੰਬਰ ਇਕ ਦੀ ਕੌਂਸਲਰ ਨੀਲਮ ਰਾਣੀ ਦਾ ਦਿਉਰ ਸੀ। ਪੁਲੀਸ ਨੇ ਮ੍ਰਿਤਕ ਦੇ ਭਰਾ ਅਸ਼ੋਕ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਰਵੀ, ਸਾਹਿਬ ਸਿੰਘ, ਨਾਜ਼ਰ, ਮੌਜੀ, ਰਾਜਾ, ਨੀਲ ਅਤੇ ਤੋਤਾ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਧਿਰਾਂ ਦਰਮਿਆਨ ਨਗਰ ਕੌਂਸਲ ਦੀਆਂ ਚੋਣਾਂ ਦੇ ਵੇਲੇ ਤੋਂ ਰੰਜਿਸ਼ਬਾਜ਼ੀ ਚਲੀ ਆ ਰਹੀ ਸੀ ਜਿਹੜੀ ਅੱਜ ਖੂਨੀ ਝੜਪ ਵਿੱਚ ਤਬਦੀਲ ਹੋ ਗਈ। ਇਸ ਤੋਂ ਪਹਿਲਾਂ ਫਰਵਰੀ 2021 ਵਿੱਚ ਹੋਈਆਂ ਨਗਰ ਕੌਂਸਲ ਚੋਣਾਂ ਦੀ ਪੋਲਿੰਗ ਵਾਲੇ ਦਿਨ ਵੀ ਦੋਵੇਂ ਧਿਰਾਂ ਵਿਚਕਾਰ ਪੱਥਰਬਾਜ਼ੀ ਹੋਈ ਸੀ ਜਿਸ ਦੌਰਾਨ ਦੋਵੇਂ ਧਿਰਾਂ ਦੇ 15 ਵਿਅਕਤੀ ਜ਼ਖ਼ਮੀ ਹੋ ਗਏ ਸਨ। ਮ੍ਰਿਤਕ ਪੁਨੀਤ ਦੇ ਭਰਾ ਅਸ਼ੋਕ ਸਿੰਘ ਨੇ ਪੁਲੀਸ ਨੂੰ ਲਿਖਵਾਏ ਬਿਆਨਾਂ ਰਾਹੀਂ ਦੱਸਿਆ ਕਿ ਉਹ ਪੁਨੀਤ ਅਤੇ ਇੱਕ ਹੋਰ ਵਿਅਕਤੀ ਸੰਨੀ ਨਾਲ ਆਪਣੇ ਘਰ ਵੱਲ ਜਾ ਰਿਹਾ ਸੀ। ਇਸ ਦੌਰਾਨ ਦੂਜੀ ਧਿਰ ਦੇ ਵਿਅਕਤੀਆਂ ਨੇ ਉਨ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸੇ ਤਰ੍ਹਾਂ ਦੂਜੀ ਧਿਰ ਨੇ ਦੋਸ਼ ਲਗਾਇਆ ਕਿ ਪੁਨੀਤ ਅਤੇ ਅਸ਼ੋਕ ਸਿੰਘ ਵਗੈਰਾ ਵੱਲੋਂ ਉਨ੍ਹਾਂ ਦੀ ਇੱਜ਼ਤ ਨੂੰ ਵੰਗਾਰਿਆ ਜਾ ਰਿਹਾ ਸੀ। ਬਾਅਦ ਦੁਪਹਿਰ ਲਗਭਗ 4.30 ਵਜੇ ਵਾਪਰੀ ਇਸ ਘਟਨਾ ਦੌਰਾਨ ਦੋਵੇਂ ਧਿਰਾਂ ਦੇ ਲਗਭਗ ਅੱਧੀ ਦਰਜਨ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ। ਹਸਪਤਾਲ ਦੇ ਡਾਕਟਰਾਂ ਨੇ ਪੁਨੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਕੁਝ ਵਿਅਕਤੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਇਸੇ ਦੌਰਾਨ ਦੋਵੇਂ ਧਿਰਾਂ ਦੀਆਂ ਔਰਤਾਂ ਹਸਪਤਾਲ ਵਿੱਚ ਵੀ ਝਗੜਦੀਆਂ ਰਹੀਆਂ ਜਿਸ ਕਾਰਨ ਜਿੱਥੇ ਡਾਕਟਰਾਂ ਨੂੰ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪਈ।

