ਪੁਲੀਸ ਵੱਲੋਂ ਹਥਿਆਰਾਂ ਸਣੇ 5 ਗੈਂਗਸਟਰ ਕਾਬੂ

ਆਦਮਪੁਰ ਦੋਆਬਾ/ਭੋਗਪੁਰ, 1 ਨਵੰਬਰ-: ਜਲੰਧਰ ਦੀ ਦਿਹਾਤੀ ਪੁਲੀਸ ਤੇ ਦਿੱਲੀ ਪੁਲੀਸ ਵੱਲੋਂ ਚਲਾਈ ਗਈ ਸਾਂਝੀ ਮੁਹਿੰਮ ਦੌਰਾਨ ਪਿੰਡ ਚੱਕਝੰਡੂ ਨੇੜੇ 5 ਗੈਂਗਸਟਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਇੱਕ ਪਿਸਤੌਲ, ਤਿੰਨ ਰੌਂਦ (ਚੱਲੇ) ਤੇ ਚਾਰ ਅਣਚੱਲੇ ਰੌਂਦ, ਦੋ ਰਿਵਾਲਰ 32 ਬੋਰ, 6 ਰੌਂਦ ਅਤੇ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਹਨ।

ਪੁਲੀਸ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਐੱਸਪੀ (ਜਾਂਚ) ਸਰਬਜੀਤ ਸਿੰਘ ਬਾਹੀਆ ਤੇ ਡੀਐੱਸਪੀ ਸਰਬਜੀਤ ਸਿੰਘ ਰਾਏ ਦੀ ਅਗਵਾਈ ਹੇਠ ਦਿੱਲੀ ਪੁਲੀਸ ਨਾਲ ਮਿਲ ਕੇ ਪਿੰਡ ਚੱਕਝੰਡੂ ’ਚ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਫਿਲੌਰ ਦੇ ਥਾਣਾ ਮੁਖੀ ਸੁਰਿੰਦਰ ਕੁਮਾਰ ਨੂੰ ਇਤਲਾਹ ਮਿਲੀ ਸੀ ਕਿ ਦਿੱਲੀ ਪੁਲੀਸ ਜਿਹੜੇ ਗੈਂਗਸਟਰਾਂ ਦੀ ਭਾਲ ਕਰ ਰਹੀ ਹੈ, ਉਹ ਆਦਮਪੁਰ-ਭੋਗਪੁਰ ਸੜਕ ’ਤੇ ਸਥਿਤ ਐੱਚਪੀ ਪਟਰੋਲ ਪੰਪ ਦੇ ਪਿੱਛੇ ਬਣੇ ਮਕਾਨ ’ਚ ਰਹਿ ਰਹੇ ਹਨ। ਇਸ ਤੋਂ ਬਾਅਦ ਸੁਰਿੰਦਰ ਕੁਮਾਰ ਨੇ ਦਿੱਲੀ ਪੁਲੀਸ ਨਾਲ ਤਾਲਮੇਲ ਕਰਕੇ ਉਕਤ ਥਾਂ ’ਤੇ ਛਾਪਾ ਮਾਰਿਆ ਤਾਂ 6 ਨੌਜਵਾਨ ਗੋਲੀਆਂ ਚਲਾਉਂਦੇ ਹੋਏ ਕਮਾਦ ਦੇ ਖੇਤਾਂ ’ਚ ਵੜ ਗਏ ਜਿਸ ਕਾਰਨ ਪੁਲੀਸ ਵੱਲੋਂ ਵੀ ਗੋਲੀ ਚਲਾਈ ਗਈ। ਬਾਅਦ ਵਿੱਚ ਮੌਕੇ ’ਤੇ ਹੋਰ ਪੁਲੀਸ ਮੰਗਵਾ ਕੇ ਖੇਤਾਂ ਦੀ ਤਲਾਸ਼ੀ ਸ਼ੁਰੂ ਕੀਤੀ ਗਈ। ਥੋੜ੍ਹੇ ਸਮੇਂ ਵਿੱਚ ਹੀ ਹੋਰ ਪੁਲੀਸ ਸਟੇਸ਼ਨਾਂ ਦੀ ਪੁਲੀਸ, ਸੀਆਈਏ ਸਟਾਫ ਦੇ ਪਹੁੰਚਣ ਤੋਂ ਬਾਅਦ ਡਰੋਨ, ਰੱਸੇ, ਦੂਰਬੀਨਾਂ ਦੀ ਸਹਾਇਤਾ ਨਾਲ 5 ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ। ਇਹ ਲਖਵੀਰ ਸਿੰਘ ਲੰਡਾ ਗੈਂਗ ਦੇ ਮੈਂਬਰ ਹਨ ਜੋ ਵਿਦੇਸ਼ ’ਚ ਰਹਿ ਕੇ ਗੈਂਗ ਚਲਾ ਰਿਹਾ ਹੈ। ਇਨ੍ਹਾਂ ਦਾ ਇੱਕ ਸਾਥੀ ਖ਼ਬਰ ਲਿਖੇ ਜਾਣ ਤੱਕ ਖੇਤਾਂ ’ਚ ਲੁਕਿਆ ਹੋਇਆ ਹੈ ਜਿਸ ਦੀ ਭਾਲ ਜਾਰੀ ਹੈ। ਫੜੇ ਗਏ ਗੈਂਗਸਟਰਾਂ ਦੀ ਪਛਾਣ ਸੰਜੀਵ ਕੁਮਾਰ ਉਰਫ ਨਾਨੂ ਵਾਸੀ ਮੱਲਿਆ, ਸੰਦੀਪ ਕੁਮਾਰ ਉਰਫ ਸਾਬੀ ਵਾਸੀ ਧੀਰਪੁਰ, ਗੁਰਬੀਰ ਸਿੰਘ ਉਰਫ ਗਿੰਨੀ ਵਾਸੀ ਖੁਰਦਪੁਰ, ਮਨਪ੍ਰੀਤ ਸਿੰਘ ਉਰਫ ਮੰਨ ਵਾਸੀ ਧੁੰਨਕ ਕਲਾਂ ਤੇ ਲਵਪ੍ਰੀਤ ਸਿੰਘ ਉਰਫ ਚੀਨੀ ਵਾਸੀ ਧੁੰਨਕ ਕਲਾਂ ਵਜੋਂ ਹੋਈ ਹੈ।

Add a Comment

Your email address will not be published. Required fields are marked *