ਰੂਸ ਦੇ ਕਬਜ਼ੇ ਹੇਠਲੇ ਕਰੀਮੀਆ ’ਚ ਜ਼ੋਰਦਾਰ ਧਮਾਕੇ

16 ਅਗਸਤ

ਰੂਸ ਦੇ ਕਬਜ਼ੇ ਹੇਠਲੇ ਕਰੀਮੀਆ ਖੇਤਰ ਵਿਚ ਅੱਜ ਇਕ ਫ਼ੌਜੀ ਡਿਪੂ ਨੂੰ ਅੱਗ ਲੱਗ ਗਈ ਤੇ ਜ਼ੋਰਦਾਰ ਧਮਾਕੇ ਸੁਣੇ ਗਏ। ਇਲਾਕੇ ਵਿਚੋਂ ਕਰੀਬ 3000 ਲੋਕਾਂ ਨੂੰ ਕੱਢਿਆ ਗਿਆ ਹੈ। ਪਿਛਲੇ ਕੁਝ ਦਿਨਾਂ ਵਿਚ ਇਸ ਵਿਵਾਦਤ ਖੇਤਰ ’ਚ ਕਈ ਘਟਨਾਵਾਂ ਵਾਪਰੀਆਂ ਹਨ ਜਿਸ ਕਾਰਨ ਸੰਸਾਰ ਦਾ ਧਿਆਨ ਯੂਕਰੇਨ ਜੰਗ ਤੋਂ ਇਸ ਖੇਤਰ ਵੱਲ ਗਿਆ ਹੈ। ਰੂਸ ਨੇ ਅਸਲਾ ਡਿਪੂ ਵਿਚ ਹੋਏ ਧਮਾਕਿਆਂ ਨੂੰ ਕਿਸੇ ਦਾ ਨਾਂ ਲਏ ਬਿਨਾਂ ‘ਗੜਬੜੀ ਪੈਦਾ ਕਰਨ’ ਦੀ ਕਾਰਵਾਈ ਕਰਾਰ ਦਿੱਤਾ ਹੈ। ਪਿਛਲੇ ਹਫ਼ਤੇ ਵੀ ਕਰੀਮੀਆ ਵਿਚ ਧਮਾਕੇ ਹੋਏ ਸਨ, ਜਿਸ ਤੋਂ ਬਾਅਦ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਯੂਕਰੇਨੀ ਫ਼ੌਜ ਇੱਥੇ ਹੱਲਾ ਬੋਲ ਸਕਦੀ ਹੈ। ਰੂਸ ਨੇ 2014 ਤੋਂ ਇਸ ਖੇਤਰ ਉਤੇ ਕਬਜ਼ਾ ਕੀਤਾ ਹੋਇਆ ਹੈ। ਯੂਕਰੇਨ ਨੇ ਹਾਲਾਂਕਿ ਇਨ੍ਹਾਂ ਧਮਾਕਿਆਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਡਿਪੂ ਵਿਚ ਅੱਗ ਲੱਗਣ ਕਾਰਨ ਇਕ ਪਾਵਰ ਪਲਾਂਟ ਨੂੰ ਨੁਕਸਾਨ ਪੁੱਜਾ ਹੈ। ਕੁਝ ਰੇਲ ਪੱਟੜੀਆਂ ਤੇ ਰਿਹਾਇਸ਼ੀ ਇਮਾਰਤਾਂ ਦਾ ਵੀ ਨੁਕਸਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਕਰੀਮੀਆ, ਯੂਕਰੇਨ ਤੇ ਰੂਸ ਦੋਵਾਂ ਲਈ ਸੰਕੇਤਕ ਤੇ ਰਣਨੀਤਕ ਤੌਰ ’ਤੇ ਮਹੱਤਵਪੂਰਨ ਖਿੱਤਾ ਹੈ। ਰੂਸ ਮੰਗ ਕਰਦਾ ਰਿਹਾ ਹੈ ਕਿ ਯੂਕਰੇਨ, ਕਰੀਮੀਆ ਨੂੰ ਉਸ (ਰੂਸ) ਦੇ ਹਿੱਸੇ ਵਜੋਂ ਮਾਨਤਾ ਦੇਵੇ।

Add a Comment

Your email address will not be published. Required fields are marked *